ਕਮਲ ਕੌਰ ਕਤਲ ਕਾਂਡ: ਮੁਲਜ਼ਿਮ ਅੰਮ੍ਰਿਤਪਾਲ ਸਿੰਘ ਮਹਿਰੋ ਯੂਏਈ ਤੋਂ ਡਿਪੋਰਟ, ਬਠਿੰਡਾ ਪੁਲਿਸ ਦੇ ਹਵਾਲੇ

ਬਠਿੰਡਾ/ਦਿੱਲੀ (10 ਅਪ੍ਰੈਲ 2026)
ਕਮਲ ਕੌਰ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਿਮ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਯੂਏਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ। ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਦੇ OFTEC ਸੈੱਲ ਵੱਲੋਂ ਕਾਰਵਾਈ ਕਰਦੇ ਹੋਏ ਉਸਨੂੰ ਮਿਡਲ ਈਸਟ ਤੋਂ ਕਾਬੂ ਕੀਤਾ ਗਿਆ ਅਤੇ ਦਿੱਲੀ ਰਾਹੀਂ ਬਠਿੰਡਾ ਲਿਆਂਦਾ ਗਿਆ। ਦਿੱਲੀ ਪਹੁੰਚਣ ਉਪਰੰਤ ਸੁਰੱਖਿਆ ਏਜੰਸੀਆਂ ਨੇ ਉਸਨੂੰ ਕਸਟਡੀ ਵਿੱਚ ਲਿਆ, ਜਿੱਥੇ ਮੁੱਢਲੀ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਬਠਿੰਡਾ ਪੁਲਿਸ ਨੂੰ ਹਵਾਲੇ ਕਰ ਦਿੱਤਾ ਗਿਆ।

ਬਠਿੰਡਾ ਪਹੁੰਚਣ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਪੂਰੀ ਕੀਤੀ ਗਈ, ਜਿਸ ਵਿੱਚ ਉਸਦੀ ਗ੍ਰਿਫਤਾਰੀ ਦਰਜ ਕਰਨਾ, ਮੈਡੀਕਲ ਜਾਂਚ ਕਰਵਾਉਣਾ ਅਤੇ ਫਿਰ ਅਦਾਲਤ ਵਿੱਚ ਪੇਸ਼ ਕਰਨਾ ਸ਼ਾਮਲ ਹੈ। ਅੰਮ੍ਰਿਤਪਾਲ ਮਹਿਰੋ ਦੇ ਵਕੀਲ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਸਪਸ਼ਟ ਕੀਤਾ ਜਾਵੇਗਾ ਕਿ ਮੁਲਜ਼ਿਮ ਨੇ ਸਰੈਂਡਰ ਕੀਤਾ ਸੀ ਜਾਂ ਉਸਨੂੰ ਡਿਪੋਰਟ ਕਰਕੇ ਲਿਆਂਦਾ ਗਿਆ ਹੈ।

ਯਾਦ ਰਹੇ ਕਿ 11 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਕਮਲ ਕੌਰ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆ ਗਿਆ ਸੀ। ਇਸ ਕੇਸ ਵਿੱਚ ਕਮਲ ਕੌਰ, ਜੋ ਕਿ ਕੰਚਨ ਕੁਮਾਰੀ ਦੇ ਨਾਂ ਨਾਲ ਫੇਸਬੁੱਕ ਇਨਫਲੂਐਂਸਰ ਸੀ, ਦੀ ਹੱਤਿਆ ਦਾ ਦੋਸ਼ ਅੰਮ੍ਰਿਤਪਾਲ ਮਹਿਰੋ ਉੱਤੇ ਲਗਾਇਆ ਗਿਆ ਸੀ।

*ਪਰਿਵਾਰ ਦੀ ਪ੍ਰਤੀਕਿਰਿਆ:*
ਅੰਮ੍ਰਿਤਪਾਲ ਮਹਿਰੋ ਦੀ ਗ੍ਰਿਫਤਾਰੀ ਤੋਂ ਬਾਅਦ ਮ੍ਰਿਤਕ ਕਮਲ ਕੌਰ ਦੀ ਮਾਤਾ ਨੇ ਭਾਵੁਕ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ “ਮੇਰੀ ਧੀ ਮੈਨੂੰ ਕਦੇ ਵਾਪਸ ਨਹੀਂ ਮਿਲ ਸਕਦੀ, ਪਰ ਮੁਲਜ਼ਿਮ ਦੀ ਗ੍ਰਿਫਤਾਰੀ ਨਾਲ ਮੈਨੂੰ ਕੁਝ ਸਾਂਤਨਾ ਮਿਲੀ ਹੈ।” ਉਨ੍ਹਾਂ ਨੇ ਮੰਗ ਕੀਤੀ ਕਿ “ਜੇ ਮੇਰੀ ਧੀ ਨੂੰ ਇਨਸਾਫ਼ ਦੇਣਾ ਹੈ ਤਾਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।”

ਪੁਲਿਸ ਵੱਲੋਂ ਹੁਣ ਮਾਮਲੇ ਦੀ ਅਗਲੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਅਦਾਲਤੀ ਕਾਰਵਾਈ ਦੌਰਾਨ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Leave a Reply

Your email address will not be published. Required fields are marked *