
ਨਵੀਂ ਦਿੱਲੀ, 2 ਅਪ੍ਰੈਲ 2026
*Oracle Corporation ਵੱਲੋਂ ਵਿਸ਼ਵ ਪੱਧਰ ‘ਤੇ ਵੱਡੀ ਛੰਟਨੀ, ਭਾਰਤ ਤੇ ਅਮਰੀਕਾ ਸਮੇਤ ਹਜ਼ਾਰਾਂ ਕਰਮਚਾਰੀ ਪ੍ਰਭਾਵਿਤ*
ਅਮਰੀਕੀ ਟੈਕ ਕੰਪਨੀ Oracle Corporation ਵੱਲੋਂ ਕੀਤੀ ਗਈ ਵੱਡੀ ਛੰਟਨੀ ਹੁਣ ਵਿਸ਼ਵ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਰਿਪੋਰਟਾਂ ਮੁਤਾਬਕ ਕੰਪਨੀ ਨੇ ਦੁਨੀਆ ਭਰ ਵਿੱਚ ਲਗਭਗ 20,000 ਤੋਂ 30,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਿਸ ਨਾਲ ਟੈਕ ਸੈਕਟਰ ਵਿੱਚ ਹਲਚਲ ਮਚ ਗਈ ਹੈ।
ਜਾਣਕਾਰੀ ਅਨੁਸਾਰ, ਭਾਰਤ ਵਿੱਚ ਲਗਭਗ 12,000 ਕਰਮਚਾਰੀ ਪ੍ਰਭਾਵਿਤ ਹੋਏ ਹਨ, ਜਦਕਿ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਵੀ ਹਜ਼ਾਰਾਂ ਲੋਕਾਂ ਦੀ ਨੌਕਰੀ ਗਈ ਹੈ। ਕੰਪਨੀ ਵੱਲੋਂ ਇਹ ਫੈਸਲਾ ਖਰਚੇ ਘਟਾਉਣ, ਆਟੋਮੇਸ਼ਨ ਨੂੰ ਵਧਾਵਾ ਦੇਣ ਅਤੇ ਕਲਾਉਡ ਤੇ ਏਆਈ ਟੈਕਨੋਲੋਜੀ ਵੱਲ ਧਿਆਨ ਕੇਂਦਰਿਤ ਕਰਨ ਦੇ ਤਹਿਤ ਲਿਆ ਗਿਆ ਹੈ।
ਸੇਵਰੈਂਸ ਪੈਕੇਜ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਰਮਚਾਰੀਆਂ ਨੂੰ ਆਮ ਤੌਰ ‘ਤੇ 3 ਤੋਂ 4 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਪੈਕੇਜ, ਨੋਟਿਸ ਪੀਰੀਅਡ ਦੀ ਸੈਲਰੀ, ਲੀਵ ਐਨਕੈਸ਼ਮੈਂਟ ਅਤੇ ਹੋਰ ਲਾਭ ਦਿੱਤੇ ਜਾ ਰਹੇ ਹਨ। ਜਿੱਥੇ ਲਾਗੂ ਹੁੰਦਾ ਹੈ, ਉਥੇ ਗ੍ਰੈਚੂਇਟੀ ਵੀ ਦਿੱਤੀ ਜਾ ਰਹੀ ਹੈ।
ਅਮਰੀਕਾ ਵਿੱਚ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਵੱਧ ਸਟ੍ਰਕਚਰਡ ਪੈਕੇਜ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਪਹਿਲੇ ਸਾਲ ਲਈ 4 ਹਫ਼ਤਿਆਂ ਦੀ ਤਨਖਾਹ ਅਤੇ ਹਰ ਅਗਲੇ ਸਾਲ ਲਈ 1 ਹਫ਼ਤਾ ਵਧਾਇਆ ਜਾਂਦਾ ਹੈ। ਇਹ ਪੈਕੇਜ ਵੱਧ ਤੋਂ ਵੱਧ 26 ਹਫ਼ਤਿਆਂ (ਲਗਭਗ 6 ਮਹੀਨੇ) ਤੱਕ ਜਾ ਸਕਦਾ ਹੈ।
ਮਾਹਿਰਾਂ ਦੇ ਮੁਤਾਬਕ ਇਹ ਛੰਟਨੀ ਟੈਕ ਇੰਡਸਟਰੀ ਵਿੱਚ ਆ ਰਹੇ ਵੱਡੇ ਬਦਲਾਅ ਦਾ ਸੰਕੇਤ ਹੈ, ਜਿੱਥੇ ਏਆਈ ਅਤੇ ਆਟੋਮੇਸ਼ਨ ਕਾਰਨ ਰਵਾਇਤੀ ਨੌਕਰੀਆਂ ਘੱਟ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਵੱਲੋਂ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
