ਚੰਡੀਗੜ੍ਹ, 23 ਸਤੰਬਰ 2026
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਠਨ ਵਿੱਚ ਵੱਡਾ ਫੇਰਬਦਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਪਾਰਟੀ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਭਾਜਪਾ ਵੱਲੋਂ ਅੱਜ ਜਾਰੀ ਕੀਤੀ ਗਈ ਨਵੀਂ ਸੂਚੀ ਤਹਿਤ ਕੀਤੀ ਗਈ ਹੈ।
ਸਮ੍ਰਿਤੀ ਇਰਾਨੀ ਦੇ ਨਾਲ ਡਾ. ਭੋਲਾ ਸਿੰਘ ਨੂੰ ਹਰਿਆਣਾ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਇੰਚਾਰਜ ਰਹੇ ਡਾ. ਸਤੀਸ਼ ਪੂਨੀਆ ਨੂੰ ਹੁਣ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਲਈ ਵਿਰੇਂਦਰ ਸਚਦੇਵਾ ਅਤੇ ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।
ਭਾਜਪਾ ਨੇ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਸਮ੍ਰਿਤੀ ਇਰਾਨੀ ਨੂੰ ਹਰਿਆਣਾ ਦੇ ਨਾਲ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।
ਇਹ ਸੰਗਠਨਾਤਮਕ ਫੇਰਬਦਲ 2027 ਵਿੱਚ ਹੋਣ ਵਾਲੀਆਂ ਵੱਖ-ਵੱਖ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਹੈ।

