ਨਵੀਂ ਦਿੱਲੀ, 14 ਅਕਤੂਬਰ 2026
ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਵਿੱਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸੁਰੱਖਿਆ ਅਲਰਟ ਦੇ ਮੱਦੇਨਜ਼ਰ ਜਹਾਜ਼ ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜਿਆ ਗਿਆ, ਜਿੱਥੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਜਹਾਜ਼ ਨੂੰ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ
ਮੁੱਢਲੀਆਂ ਰਿਪੋਰਟਾਂ ਅਨੁਸਾਰ, ਉਡਾਣ AI-2030 ਦੇ ਜੈਪੁਰ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਨ ਤੋਂ ਬਾਅਦ ਜਹਾਜ਼ ਨੂੰ ਇਕ ਵੱਖਰੇ ਸੁਰੱਖਿਆ ਖੇਤਰ ਵਿੱਚ ਲਿਜਾਇਆ ਗਿਆ। ਸੁਰੱਖਿਆ ਏਜੰਸੀਆਂ, ਸੀਆਈਐੱਸਐੱਫ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਜਹਾਜ਼ ਅਤੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਸ਼ੁਰੂ ਕੀਤੀ ਗਈ।
ਰਿਪੋਰਟਾਂ ਮੁਤਾਬਕ, ਜਹਾਜ਼ ਵਿੱਚ ਸਵਾਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਵਾਈ ਅੱਡੇ ਦੇ ਨਿਰਧਾਰਤ ਖੇਤਰ ਵਿੱਚ ਲਿਜਾਇਆ ਗਿਆ।
ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਇਸ ਘਟਨਾ ਨੂੰ ਬੰਬ ਦੀ ਧਮਕੀ ਦੀ ਬਜਾਏ ਹਾਈਜੈਕ ਅਲਰਟ ਨਾਲ ਵੀ ਜੋੜਿਆ ਗਿਆ ਹੈ। ਅਲਰਟ ਦੇ ਅਸਲ ਕਾਰਨ ਅਤੇ ਧਮਕੀ ਦੀ ਸੱਚਾਈ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।

