ਲਖਨਊ, 9 ਅਕਤੂਬਰ, 2026
ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ ਸਥਿਤ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਬਦਲ ਕੇ ‘ਨਰਿੰਦਰ ਮੋਦੀ ਇੰਟਰਨੈਸ਼ਨਲ ਏਅਰਪੋਰਟ, ਨੋਇਡਾ-ਜੇਵਰ’ ਰੱਖਿਆ ਜਾਵੇਗਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਲਖਨਊ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਉੱਤਰ ਪ੍ਰਦੇਸ਼ ਕੈਬਨਿਟ ਨੇ ਨਾਮ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਦੀਆਂ 25 ਸਾਲਾਂ ਦੀਆਂ ਸੇਵਾਵਾਂ ਦਾ ਦਿੱਤਾ ਹਵਾਲਾ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਮੁਖੀ ਵਜੋਂ 25 ਸਾਲਾਂ ਦੀ ਜਨਤਕ ਸੇਵਾ ਦੇ ਸਫ਼ਰ ਨੂੰ ਸਨਮਾਨ ਦੇਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਜੇਵਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਨ ਲਈ ਪ੍ਰਧਾਨ ਮੰਤਰੀ ਦੀ ਧੰਨਵਾਦੀ ਹੈ।
ਦੇਸ਼ ਦੇ ਵੱਡੇ ਹਵਾਬਾਜ਼ੀ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ
ਜੇਵਰ ਹਵਾਈ ਅੱਡੇ ਨੂੰ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਸਰਕਾਰ ਮੁਤਾਬਕ, ਭਵਿੱਖ ਵਿੱਚ ਇਹ ਦੇਸ਼ ਦੇ ਪ੍ਰਮੁੱਖ ਹਵਾਬਾਜ਼ੀ ਕੇਂਦਰਾਂ ਵਿੱਚ ਸ਼ਾਮਲ ਹੋ ਸਕਦਾ ਹੈ। ਇਹ ਦਿੱਲੀ-ਐਨਸੀਆਰ ਖੇਤਰ ਲਈ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅਤੇ ਇਸ ਨਾਲ ਖੇਤਰ ਵਿੱਚ ਹਵਾਈ ਆਵਾਜਾਈ ਦੀ ਸਮਰੱਥਾ ਵਧਾਉਣ ਦੀ ਉਮੀਦ ਹੈ।
ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਹੁਣ ਹਵਾਈ ਅੱਡੇ ਦੇ ਨਵੇਂ ਨਾਮ ਸਬੰਧੀ ਅਗਲੀ ਅਧਿਕਾਰਤ ਪ੍ਰਕਿਰਿਆ ’ਤੇ ਨਜ਼ਰ ਰਹੇਗੀ।
