ਚੰਡੀਗੜ੍ਹ, 11 ਅਕਤੂਬਰ 2026
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਿਲਜੀਤ ਦੇ ‘ਔਰਾ ਇੰਡੀਆ ਟੂਰ’ ਤਹਿਤ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਦੀ ਤਰੀਕ ਬਦਲ ਦਿੱਤੀ ਗਈ ਹੈ। ਪਹਿਲਾਂ ਇਹ ਸ਼ੋਅ 1 ਨਵੰਬਰ ਨੂੰ ਹੋਣਾ ਸੀ, ਪਰ ਹੁਣ ਇਹ 30 ਅਕਤੂਬਰ 2026 ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਦਿਲਜੀਤ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਸਾਂਝੀ ਕੀਤੀ ਹੈ।
1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੀਆਂ ਭਾਵਨਾਵਾਂ ਦਾ ਸਤਿਕਾਰ
ਕੰਸਰਟ ਦੀ ਤਰੀਕ ਬਦਲਣ ਦੀ ਮੰਗ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਕੀਤੀ ਗਈ ਸੀ। ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ 1 ਨਵੰਬਰ ਦੀ ਤਰੀਕ ਬਦਲੀ ਜਾਵੇ।
ਦਰਅਸਲ, 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਕਾਰਨ 1 ਨਵੰਬਰ ਦੀ ਤਰੀਕ ਪੀੜਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਲਈ ਦਰਦਨਾਕ ਯਾਦਾਂ ਨਾਲ ਜੁੜੀ ਹੋਈ ਹੈ। ਇਸ ਲਈ ਕੌਂਸਲ ਨੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਸੀ।
30 ਅਕਤੂਬਰ ਨੂੰ ਹੋਵੇਗਾ ਕੰਸਰਟ
ਅਪੀਲ ਤੋਂ ਬਾਅਦ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਦੀ ਤਰੀਕ 1 ਨਵੰਬਰ ਤੋਂ ਬਦਲ ਕੇ 30 ਅਕਤੂਬਰ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਹੁਣ ਨਵੇਂ ਸ਼ਡਿਊਲ ਮੁਤਾਬਕ ਆਪਣੇ ਪ੍ਰੋਗਰਾਮ ਦੀ ਯੋਜਨਾ ਬਣਾਉਣੀ ਪਵੇਗੀ।
ਦਿਲਜੀਤ ਦੋਸਾਂਝ ਦਾ ‘ਔਰਾ ਇੰਡੀਆ ਟੂਰ’ ਨਵੰਬਰ ਅਤੇ ਦਸੰਬਰ ਦੌਰਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗਾ ਅਤੇ ਇਸ ਦਾ ਸਮਾਪਨ 5 ਦਸੰਬਰ ਨੂੰ ਹੋਵੇਗਾ।
