
ਚੰਡੀਗੜ੍ਹ, 28 ਮਾਰਚ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਘਰ ਦੀ ਬਿਜਲੀ ਕੱਟਣ ਅਤੇ ਘਰ ਨੇੜੇ ਸ਼ੱਕੀ ਲੋਕਾਂ ਦੇ ਵੇਖੇ ਜਾਣ ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਇਹ ਸਭ ਕੁਝ ਪਰਿਵਾਰ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੱਖੇ ਸਵਾਲ ਕਰਦਿਆਂ ਲਿਖਿਆ ਹੈ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਦੇ ਰਾਜ ਵਿੱਚ ਇਹ ਕੁਝ ਹੋ ਰਿਹਾ ਹੈ। ਕੀ ਤੁਹਾਡੀ ਸਰਕਾਰ ਇਸ ਪੱਧਰ ਤੱਕ ਹੇਠਾਂ ਡਿੱਗੇਗੀ। ਕੀ ਥੋੜੀ ਬਹੁਤ ਵੀ ਨੈਤਿਕਤਾ ਬਚੀ ਹੈ। ਪਹਿਲਾਂ ਤੁਹਾਡੇ ਮੰਤਰੀ ਨੇ ਡੀਐਮ ਗਗਨਦੀਪ ਸਿੰਘ ਨੂੰ ਮਾਨਸਿਕ ਤੌਰ ਤੇ ਇਸ ਕਦਰ ਪਰੇਸ਼ਾਨ ਕੀਤਾ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਏ ਅਤੇ ਹੁਣ ਤੁਹਾਡੇ ਰਾਜ ਵਿੱਚ ਇਨਸਾਫ ਲਈ ਲੜ ਰਹੇ ਪਰਿਵਾਰ ਨੂੰ ਤੋੜਨ ਲਈ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ। ਸਾਇਦ ਇਸੇ ਲਈ ਸਰਕਾਰ ਨੇ ਹਾਲੇ ਤਕ ਪਰਿਵਾਰ ਨੂੰ ਸੁਰੱਖਿਆ ਮੁਹਈਆ ਨਹੀਂ ਕਰਵਾਈ ਤੇ ਨਾ ਹੀ ਸੀ ਬੀ ਆਈ ਜਾਂਚ ਦੇ ਹੁਕਮ ਕੀਤਾ ਹਨ। ਸਰਕਾਰ ਦੀ ਸ਼ਹਿ ਤੇ ਪਰਿਵਾਰ ਨੂੰ ਡਰਾਉਣ ਦੇ ਯਤਨ ਹੋ ਰਹੇ ਹਨ। ਭਾਜਪਾ ਇਸ ਤਰ੍ਹਾਂ ਦੀਆਂ ਹਰਕਤਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਇਹੀ ਕਾਰਨ ਹੈ ਕਿ ਇਸ ਕੇਸ ਦੀ ਜਾਂਚ ਸੀ ਬੀ ਆਈ ਤੋਂ ਜਰੂਰੀ ਹੈ ਤੇ ਇਸੇ ਕਾਰਨ ਸਾਰਾ ਪੰਜਾਬ ਇਸ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ।”
ਭਾਜਪਾ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਇੱਕਲਾ ਨਾ ਸਮਝੇ ਅਤੇ ਭਾਜਪਾ ਅਤੇ ਪੂਰੇ ਪੰਜਾਬ ਦੇ ਲੋਕ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿੱਲੀ ਵਾਲੇ ਆਕਾ ਸਾਇਦ ਨਹੀਂ ਜਾਣਦੇ ਕਿ ਪੰਜਾਬੀ ਕਿਸ ਮਿੱਟੀ ਦੇ ਬਣੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਪਰਿਵਾਰ ਨੇ ਆਪਣਾ ਜੀਅ ਗੁਆ ਲਿਆ ਕੀ ਉਹ ਹੁਣ ਇਸ ਤਰਾਂ ਝੁੱਕ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਤਰਾਂ ਦੇ ਹੱਥਕੰਡੇ ਛੱਡ ਕੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਬਿ਼ਨ੍ਹਾਂ ਦੇਰੀ ਸੀਬੀਆਈ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨਿਆਂ ਦੀ ਇਸ ਜੰਗ ਵਿਚ ਪਰਿਵਾਰ ਨਾਲ ਡੱਟ ਕੇ ਖੜੀ ਹੈ।
