
1 ਅਪ੍ਰੈਲ 2026
ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਜੋਨ ਫੱਤੂ ਢਿੰਗਾ ਵਿੱਚ ਬਲਾਕ ਸੰਮਤੀ ਦੀ ਚੇਅਰਮੈਨੀ ਚੋਣ ਦੌਰਾਨ ਅੱਜ ਹਾਲਾਤ ਅਚਾਨਕ ਬੇਕਾਬੂ ਹੋ ਗਏ। ਚੋਣ ਤੋਂ ਪਹਿਲਾਂ ਹੀ ਸਿਆਸੀ ਤਣਾਅ ਨੇ ਹਿੰਸਕ ਰੂਪ ਧਾਰ ਲਿਆ ਅਤੇ ਦੋ ਧੜਿਆਂ ਵਿਚਾਲੇ ਤਿੱਖੀ ਝੜਪ ਦੌਰਾਨ ਗੋਲੀਬਾਰੀ ਦੀ ਘਟਨਾ ਵੀ ਸਾਹਮਣੇ ਆਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਿਹਾ ਟਕਰਾਅ ਚੋਣ ਮੌਕੇ ਖੁੱਲ੍ਹ ਕੇ ਸਾਹਮਣੇ ਆ ਗਿਆ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਰੋਧੀ ਧੜੇ ਅਤੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਲਾਕ ਸੰਮਤੀ ਮੈਂਬਰਾਂ ਨੂੰ ਅਗਵਾ ਕੀਤਾ ਗਿਆ ਅਤੇ ਕੁਝ ਨੂੰ ਜਬਰਦਸਤੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਉਨ੍ਹਾਂ ਨੇ ਗੋਲੀਬਾਰੀ ਲਈ ਵੀ ਵਿਰੋਧੀ ਧੜੇ ਨੂੰ ਜਿੰਮੇਵਾਰ ਠਹਿਰਾਇਆ। ਦੂਜੇ ਪਾਸੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਇਹ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਰਾਣਾ ਧੜਾ ਹੀ ਮਾਹੌਲ ਖਰਾਬ ਕਰਨ ਲਈ ਜਿੰਮੇਵਾਰ ਹੈ ਅਤੇ ਗੋਲੀਬਾਰੀ ਵਿੱਚ ਵੀ ਉਹਨਾਂ ਦੀ ਭੂਮਿਕਾ ਹੈ।
ਹਾਲਾਤਾਂ ਦੀ ਨਾਜੁਕਤਾ ਨੂੰ ਦੇਖਦਿਆਂ ਐਸਡੀਐਮ ਇਰਵਿਨ ਕੌਰ ਨੇ ਚੋਣ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਪੁਲਿਸ ਵੱਲੋਂ ਇਲਾਕੇ ਵਿੱਚ ਭਾਰੀ ਬਲ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਐਸਪੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਨਾਲ ਨਾ ਸਿਰਫ ਸੁਲਤਾਨਪੁਰ ਲੋਧੀ, ਸਗੋਂ ਪੂਰੇ ਕਪੂਰਥਲਾ ਜ਼ਿਲ੍ਹੇ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਚੋਣ ਦੌਰਾਨ ਹੋਈ ਹਿੰਸਾ ਨੇ ਲੋਕਤੰਤਰਕ ਪ੍ਰਕਿਰਿਆ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੇ ਵੱਡੇ ਸਿਆਸੀ ਅਸਰ ਦੇਖਣ ਨੂੰ ਮਿਲ ਸਕਦੇ ਹਨ।

