ਵਾਸ਼ਿੰਗਟਨ : 28 ਜੁਲਾਈ, 2026
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਨੂੰ F-35 ਸਟੈਲਥ ਲੜਾਕੂ ਜਹਾਜ਼ ਵੇਚਣ ਦੀਆਂ ਸੰਭਾਵਨਾਵਾਂ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੋਧ ਨੂੰ ਸਾਫ਼ ਤੌਰ ‘ਤੇ ਖਾਰਜ ਕਰ ਦਿੱਤਾ ਹੈ। ਵਾਸ਼ਿੰਗਟਨ ਵਿੱਚ ਨੇਤਨਯਾਹੂ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਕਿਸ ਦੇਸ਼ ਨੂੰ ਹਥਿਆਰ ਵੇਚੇਗਾ, ਇਹ ਫੈਸਲਾ ਕੋਈ ਹੋਰ ਦੇਸ਼ ਨਹੀਂ ਲੈ ਸਕਦਾ।
ਟਰੰਪ ਨੇ ਤੁਰਕੀ ਨੂੰ ਆਪਣਾ ਇੱਕ ਮਹੱਤਵਪੂਰਨ ਸਹਿਯੋਗੀ ਦੱਸਦਿਆਂ ਕਿਹਾ ਕਿ ਤੁਰਕੀ ਅਤੇ ਇਜ਼ਰਾਈਲ ਵਿਚਕਾਰ ਭਾਵੇਂ ਸਬੰਧ ਚੰਗੇ ਨਾ ਹੋਣ, ਪਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਏਰਦੋਗਾਨ ਅਤੇ ਅਮਰੀਕਾ ਦੇ ਸਬੰਧ ਬਹੁਤ ਮਜ਼ਬੂਤ ਹਨ। ਦੂਜੇ ਪਾਸੇ, ਨੇਤਨਯਾਹੂ ਨੇ ਚੇਤਾਵਨੀ ਦਿੱਤੀ ਸੀ ਕਿ ਤੁਰਕੀ ਨੂੰ F-35 ਜਹਾਜ਼ ਜਾਂ ਉਨ੍ਹਾਂ ਦੇ ਇੰਜਣ ਦੇਣਾ ਮੱਧ ਪੂਰਬ ਵਿੱਚ ਸ਼ਕਤੀ ਦੇ ਸੰਤੁਲਨ ਨੂੰ ਵਿਗਾੜ ਸਕਦਾ ਹੈ ਅਤੇ ਇਹ ਇਜ਼ਰਾਈਲ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ।
ਜ਼ਿਕਰਯੋਗ ਹੈ ਕਿ ਤੁਰਕੀ ਦੁਆਰਾ ਰੂਸ ਤੋਂ S-400 ਏਅਰ ਡਿਫੈਂਸ ਸਿਸਟਮ ਖਰੀਦਣ ਤੋਂ ਬਾਅਦ ਅਮਰੀਕਾ ਨੇ ਉਸ ਨੂੰ F-35 ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਸੀ। ਹੁਣ ਟਰੰਪ ਪ੍ਰਸ਼ਾਸਨ ਤੁਰਕੀ ਨਾਲ ਰੱਖਿਆ ਸਬੰਧਾਂ ਨੂੰ ਦੁਬਾਰਾ ਬਹਾਲ ਕਰਨ ਅਤੇ F-35 ਸੌਦੇ ‘ਤੇ ਅੱਗੇ ਵਧਣ ‘ਤੇ ਵਿਚਾਰ ਕਰ ਰਿਹਾ ਹੈ।

