ਸ਼ੇਅਰ ਬਾਜ਼ਾਰ ਵਿੱਚ ਉਤਾਰ-ਚੜ੍ਹਾਅ: ਸੈਂਸੈਕਸ 76,947 ‘ਤੇ ਪਹੁੰਚਿਆ, ਨਿਫਟੀ 24,000 ਤੋਂ ਪਾਰ

ਮੁੰਬਈ : 28 ਜੁਲਾਈ, 2026

ਭਾਰਤੀ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਮਾਮੂਲੀ ਵਾਧੇ ਨਾਲ ਖੁੱਲ੍ਹੇ। ਸੂਚਨਾ ਤਕਨਾਲੋਜੀ (ਆਈ.ਟੀ.) ਖੇਤਰ ਦੇ ਸ਼ੇਅਰਾਂ ਵਿੱਚ ਆਈ ਤੇਜ਼ੀ ਦੇ ਸਹਾਰੇ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰਦੇ ਨਜ਼ਰ ਆਏ। ਹਾਲਾਂਕਿ, ਬੈਂਕਿੰਗ ਅਤੇ ਧਾਤੂ (ਮੈਟਲ) ਖੇਤਰ ਦੇ ਸ਼ੇਅਰਾਂ ਵਿੱਚ ਦਬਾਅ ਦੇਖਣ ਨੂੰ ਮਿਲਿਆ, ਜਿਸ ਨੇ ਬਾਜ਼ਾਰ ਦੀ ਵੱਡੀ ਤੇਜ਼ੀ ‘ਤੇ ਰੋਕ ਲਗਾਈ।

ਕਾਰੋਬਾਰ ਦੇ ਸ਼ੁਰੂਆਤੀ ਸਮੇਂ ਵਿੱਚ ਬੀ.ਐੱਸ.ਈ. ਸੈਂਸੈਕਸ 111.92 ਅੰਕਾਂ ਦੇ ਵਾਧੇ ਨਾਲ 76,947.70 ‘ਤੇ ਪਹੁੰਚ ਗਿਆ, ਜਦੋਂ ਕਿ ਐੱਨ.ਐੱਸ.ਈ. ਨਿਫਟੀ 42.80 ਅੰਕ ਚੜ੍ਹ ਕੇ 24,038.75 ‘ਤੇ ਕਾਰੋਬਾਰ ਕਰ ਰਿਹਾ ਸੀ। ਆਈ.ਟੀ. ਖੇਤਰ ਦੇ ਨਿਫਟੀ ਆਈ.ਟੀ. ਸੂਚਕਾਂਕ ਵਿੱਚ 2.48 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ, ਜਿਸ ਵਿੱਚ ਟੀ.ਸੀ.ਐੱਸ., ਇਨਫੋਸਿਸ, ਟੈਕ ਮਹਿਦਰਾ ਅਤੇ ਐੱਚ.ਸੀ.ਐੱਲ. ਟੈਕਨਾਲੋਜੀ ਵਰਗੀਆਂ ਦਿੱਗਜ ਕੰਪਨੀਆਂ ਦੇ ਸ਼ੇਅਰ ਮਜ਼ਬੂਤ ਰਹੇ।

ਦੂਜੇ ਪਾਸੇ, ਸਰਕਾਰੀ ਬੈਂਕ, ਤੇਲ ਅਤੇ ਗੈਸ, ਆਟੋ ਅਤੇ ਧਾਤੂ ਖੇਤਰਾਂ ਵਿੱਚ ਮੁਨਾਫਾਵਸੂਲੀ ਕਾਰਨ ਗਿਰਾਵਟ ਦੇਖੀ ਗਈ। ਬੈਂਕ ਨਿਫਟੀ ਵਿੱਚ ਵੀ ਹਲਕੀ ਨਰਮੀ ਰਹੀ। ਵਿਆਪਕ ਬਾਜ਼ਾਰ ਵਿੱਚ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਦਾ ਪ੍ਰਦਰਸ਼ਨ ਸੁਸਤ ਰਿਹਾ, ਜਿਸ ਨਾਲ ਨਿਵੇਸ਼ਕ ਚੁਣਿੰਦਾ ਸ਼ੇਅਰਾਂ ਵਿੱਚ ਹੀ ਦਿਲਚਸਪੀ ਦਿਖਾਉਂਦੇ ਨਜ਼ਰ ਆਏ।

Leave a Reply

Your email address will not be published. Required fields are marked *