ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਨਿਯਮਾਂ ਵਿੱਚ ਕੀਤਾ ਵੱਡਾ ਬਦਲਾਅ, 1 ਅਗਸਤ ਤੋਂ ਲਾਗੂ ਹੋਵੇਗਾ ਨਵਾਂ ਟੋਕਨ ਸਿਸਟਮ

ਦਿੱਲੀ : 28 ਜੁਲਾਈ, 2026

ਭਾਰਤੀ ਰੇਲਵੇ ਦੇ ਰਿਜ਼ਰਵੇਸ਼ਨ ਕਾਊਂਟਰਾਂ ਤੋਂ ਤਤਕਾਲ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਹੈ। ਰੇਲਵੇ ਨੇ 1 ਅਗਸਤ ਤੋਂ ਤਤਕਾਲ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਣ ਅਤੇ ਕਾਊਂਟਰਾਂ ‘ਤੇ ਲੰਬੀਆਂ ਲਾਈਨਾਂ ਤੋਂ ਰਾਹਤ ਦਿਵਾਉਣ ਲਈ ਇੱਕ ਨਵਾਂ ਟੋਕਨ ਸਿਸਟਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਨਵੇਂ ਨਿਯਮਾਂ ਦੇ ਤਹਿਤ ਹੁਣ ਯਾਤਰੀਆਂ ਨੂੰ ਟਿਕਟ ਬੁਕਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੋਕਨ ਦਿੱਤੇ ਜਾਣਗੇ। ਏ.ਸੀ. (AC) ਤਤਕਾਲ ਟਿਕਟਾਂ ਲਈ ਟੋਕਨ ਸਵੇਰੇ 8:30 ਵਜੇ ਤੋਂ 9:00 ਵਜੇ ਤੱਕ ਵੰਡੇ ਜਾਣਗੇ, ਜਦੋਂ ਕਿ ਨੌਨ-ਏ.ਸੀ. (ਸਲੀਪਰ) ਤਤਕਾਲ ਟਿਕਟਾਂ ਲਈ ਟੋਕਨ ਸਵੇਰੇ 9:00 ਵਜੇ ਤੋਂ 9:30 ਵਜੇ ਤੱਕ ਮਿਲਣਗੇ। ਇਸ ਤੋਂ ਇਲਾਵਾ, ਹਰੇਕ ਕਾਊਂਟਰ ਲਈ ਟੋਕਨਾਂ ਦੀ ਸੰਖਿਆ ਵੀ ਤੈਅ ਕੀਤੀ ਗਈ ਹੈ, ਜਿਸ ਵਿੱਚ ਏ.ਸੀ. ਲਈ 10 ਟੋਕਨ ਅਤੇ ਸਲੀਪਰ ਕਲਾਸ ਲਈ 15 ਟੋਕਨ ਜਾਰੀ ਕੀਤੇ ਜਾਣਗੇ।

ਇਸ ਪ੍ਰਣਾਲੀ ਵਿੱਚ ਆਪਣੇ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਟਿਕਟ ਲੈਣ ਆਏ ਯਾਤਰੀਆਂ ਨੂੰ ਪਹਿਲ ਦਿੱਤੀ ਜਾਵੇਗੀ। ਯਾਤਰੀਆਂ ਨੂੰ ਆਪਣੇ ਨਾਲ ਪਛਾਣ ਪੱਤਰ (ਜਿਵੇਂ ਆਧਾਰ ਕਾਰਡ) ਰੱਖਣਾ ਲਾਜ਼ਮੀ ਹੋਵੇਗਾ। ਰੇਲਵੇ ਅਨੁਸਾਰ, ਇਸ ਨਵੇਂ ਸਿਸਟਮ ਨਾਲ ਕਾਊਂਟਰਾਂ ‘ਤੇ ਭੀੜ ਘਟੇਗੀ ਅਤੇ ਲੋਕਾਂ ਨੂੰ ਵਾਰ-ਵਾਰ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ।

Leave a Reply

Your email address will not be published. Required fields are marked *