ਸਮਾਣਾ, 6 ਅਕਤੂਬਰ 2026
ਮੰਗਲਵਾਰ ਤੜਕਸਾਰ ਸਮਾਣਾ ਵਿੱਚ PRTC ਦੀ ਇੱਕ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਗਨੀਮਤ ਰਹੀ ਕਿ ਹਾਦਸੇ ਸਮੇਂ ਬੱਸ ਵਿੱਚ ਕੋਈ ਯਾਤਰੀ ਜਾਂ ਸਟਾਫ਼ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਜਾਣਕਾਰੀ ਮੁਤਾਬਕ PB13 BW-5795 ਨੰਬਰ ਵਾਲੀ PRTC ਬੱਸ ਮੁਹਾਲੀ ਤੋਂ ਸਮਾਣਾ ਵੱਲ ਆ ਰਹੀ ਸੀ। ਰਸਤੇ ਵਿੱਚ ਬੱਸ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਡਰਾਈਵਰ ਅਤੇ ਕੰਡਕਟਰ ਨੇ ਸਵਾਰੀਆਂ ਨੂੰ ਪਾਤੜਾ ਬੱਸ ਅੱਡੇ ’ਤੇ ਉਤਾਰ ਦਿੱਤਾ। ਇਸ ਤੋਂ ਬਾਅਦ ਬੱਸ ਨੂੰ ਸੰਗਰੂਰ ਰੋਡ ’ਤੇ ਦੁਗਾਲ ਰੋਡ ਸਥਿਤ ਇੱਕ ਨਿੱਜੀ ਵਰਕਸ਼ਾਪ ਵਿੱਚ ਮੁਰੰਮਤ ਲਈ ਲਿਜਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਵਰਕਸ਼ਾਪ ਵਿੱਚ ਮਕੈਨਿਕ ਵੱਲੋਂ ਬੱਸ ਦੀ ਬੈਟਰੀ ਚੈੱਕ ਕੀਤੀ ਜਾ ਰਹੀ ਸੀ, ਇਸੇ ਦੌਰਾਨ ਅਚਾਨਕ ਸਪਾਰਕ ਹੋਇਆ ਅਤੇ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਬੱਸ ਦੇ ਡੀਜ਼ਲ ਟੈਂਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਇੰਨੀ ਤੇਜ਼ ਸੀ ਕਿ ਬੱਸ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਦਸੇ ਦਾ ਮੁੱਢਲਾ ਕਾਰਨ ਬੈਟਰੀ ਚੈੱਕ ਕਰਦੇ ਸਮੇਂ ਹੋਇਆ ਸਪਾਰਕ ਦੱਸਿਆ ਜਾ ਰਿਹਾ ਹੈ, ਜਦਕਿ ਪੁਲਿਸ ਦੀ ਜਾਂਚ ਤੋਂ ਬਾਅਦ ਹੋਰ ਤੱਥ ਸਪੱਸ਼ਟ ਹੋਣਗੇ।

