ਚੰਡੀਗੜ੍ਹ ( 14 ਸਤੰਬਰ 2026)
ਪੰਜਾਬ ਪਹਿਲੀ ਵਾਰ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।** ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਵਿੱਚ ਕਰਵਾਇਆ ਜਾਵੇਗਾ। ਟੂਰਨਾਮੈਂਟ ਦੇ ਲੀਗ ਮੁਕਾਬਲੇ ਜਲੰਧਰ ਵਿੱਚ ਹੋਣਗੇ, ਜਦਕਿ ਸੈਮੀਫਾਈਨਲ, ਫਾਈਨਲ ਅਤੇ ਸਮਾਪਤੀ ਸਮਾਰੋਹ ਮੋਹਾਲੀ ਵਿੱਚ ਕਰਵਾਏ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਸੂਬੇ ਲਈ ਮਾਣ ਵਾਲਾ ਮੌਕਾ ਦੱਸਦਿਆਂ ਕਿਹਾ ਕਿ ਪੰਜਾਬ ਖੇਡਾਂ ਅਤੇ ਖਾਸ ਕਰਕੇ ਹਾਕੀ ਨਾਲ ਡੂੰਘੇ ਤੌਰ ’ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਰਾਹੀਂ ਪੰਜਾਬ ਨੂੰ ਦੁਨੀਆ ਸਾਹਮਣੇ ਆਪਣੀ ਖੇਡ ਵਿਰਾਸਤ ਅਤੇ ਮਹਿਮਾਨਨਵਾਜ਼ੀ ਦਿਖਾਉਣ ਦਾ ਮੌਕਾ ਮਿਲੇਗਾ।
1 ਨਵੰਬਰ ਨੂੰ ਭਾਰਤ-ਪਾਕਿਸਤਾਨ ਦਾ ਮਹਾਂਮੁਕਾਬਲਾ
ਟੂਰਨਾਮੈਂਟ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਮੁਕਾਬਲਾ 1 ਨਵੰਬਰ ਨੂੰ ਜਲੰਧਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਹ ਮੁਕਾਬਲਾ ਪੰਜਾਬ ਡੇਅ ਮੌਕੇ ਸ਼ਾਮ 7 ਵਜੇ ਕਰਵਾਇਆ ਜਾਵੇਗਾ। ਭਾਰਤ-ਪਾਕਿਸਤਾਨ ਹਾਕੀ ਮੁਕਾਬਲੇ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸ਼ਾਹ ਰਹਿਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਟੂਰਨਾਮੈਂਟ ਦਾ ਉਦਘਾਟਨ ਵੀ ਜਲੰਧਰ ਵਿੱਚ 27 ਅਕਤੂਬਰ ਨੂੰ ਦੁਪਹਿਰ 2:30 ਵਜੇ ਹੋਵੇਗਾ। ਪਹਿਲਾ ਮੁਕਾਬਲਾ ਜਾਪਾਨ ਅਤੇ ਮਲੇਸ਼ੀਆ ਵਿਚਕਾਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਛੇ ਏਸ਼ਿਆਈ ਟੀਮਾਂ ਲੈਣਗੀਆਂ ਹਿੱਸਾ
ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਏਸ਼ੀਆ ਦੀਆਂ ਛੇ ਪ੍ਰਮੁੱਖ ਹਾਕੀ ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਓਮਾਨ ਅਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਹੈ।
ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਵੀ ਹੈ ਕਿ ਭਾਰਤ ਇਸ ਮੁਕਾਬਲੇ ਦਾ ਮੌਜੂਦਾ ਚੈਂਪੀਅਨ ਹੈ। ਭਾਰਤ ਨੇ 2024 ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਆਪਣੇ ਨਾਮ ਕੀਤੀ ਸੀ। ਭਾਰਤ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ।
ਦਰਸ਼ਕਾਂ ਲਈ ਐਂਟਰੀ ਮੁਫ਼ਤ
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਹਾਕੀ ਪ੍ਰਤੀ ਉਤਸ਼ਾਹ ਵਧਾਉਣ ਲਈ ਸਾਰੇ ਮੈਚਾਂ ਵਿੱਚ ਦਰਸ਼ਕਾਂ ਦੀ ਐਂਟਰੀ ਮੁਫ਼ਤ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਹਾਕੀ ਪ੍ਰੇਮੀਆਂ ਦੇ ਮੈਦਾਨ ਵਿੱਚ ਪਹੁੰਚਣ ਦੀ ਉਮੀਦ ਹੈ।
ਟੂਰਨਾਮੈਂਟ ਦੌਰਾਨ ਜਲੰਧਰ ਵਿੱਚ ਲੀਗ ਪੜਾਅ ਦੇ ਮੁਕਾਬਲੇ ਹੋਣਗੇ ਅਤੇ ਇਸ ਤੋਂ ਬਾਅਦ ਖਿਤਾਬੀ ਟੱਕਰ ਲਈ ਟੀਮਾਂ ਮੋਹਾਲੀ ਪਹੁੰਚਣਗੀਆਂ। 5 ਨਵੰਬਰ ਨੂੰ ਮੋਹਾਲੀ ਵਿੱਚ ਸੈਮੀਫਾਈਨਲ/ਫਾਈਨਲ ਮੁਕਾਬਲਿਆਂ ਦੇ ਨਾਲ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ।
ਪੰਜਾਬ ਵਿੱਚ ਇਸ ਪੱਧਰ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਹੋਣਾ ਸੂਬੇ ਦੀ ਹਾਕੀ ਵਿਰਾਸਤ ਲਈ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਹੁਣ ਨਜ਼ਰਾਂ ਖਾਸ ਤੌਰ ’ਤੇ 1 ਨਵੰਬਰ ਨੂੰ ਜਲੰਧਰ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਮੁਕਾਬਲੇ ’ਤੇ ਟਿਕੀਆਂ ਹਨ।

