ਚੰਡੀਗੜ੍ਹ, 16 ਅਕਤੂਬਰ , 2026
ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਫਿਲੌਰ ਵਿੱਚ ਕੀਤੀ ਗਈ ਉੱਚਪੱਧਰੀ ਬੈਠਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕਪਾਸੜ ਪ੍ਰਵਚਨ ਕਰਾਰ ਦਿੱਤਾ ਹੈ। ਚੰਡੀਗੜ੍ਹ ਪਾਰਟੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ ਸਾਂਪਲਾ ਨੇ ਮੀਟਿੰਗ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਕੋਈ ਠੋਸ ਚਰਚਾ ਕਰਨ ਦੀ ਬਜਾਏ ਹੋਰ ਚੁਟਕਲਿਆਂ ਤੇ ਸ਼ੇਅਰੋ-ਸ਼ਾਅਰੀ ਨਾਲ ਗੱਲ ਨਿਬੇੜਨ ਦੀ ਕੋਸ਼ਿਸ ਕੀਤੀ ਗਈ।
ਸਾਂਪਲਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇੰਨਾ ਜ਼ਿਆਦਾ ਨਸ਼ਾ ਨਹੀਂ ਹੈ ਜਿੰਨਾ ਬਦਨਾਮ ਕੀਤਾ ਜਾ ਰਿਹਾ ਹੈ । ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੂਬੇ ਵਿੱਚ ਨਸ਼ੇ ਦੀ ਵੱਡੀ ਸਮੱਸਿਆ ਨਹੀਂ ਹੈ ਤਾਂ ਫਿਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਕਿਸ ਦੇ ਖ਼ਿਲਾਫ਼ ਚਲਾਈ ਜਾ ਰਹੀ ਹੈ ਅਤੇ ਸਰਕਾਰ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਆਈਏਐੱਸ, ਆਈਪੀਐੱਸ, ਪੀਪੀਐੱਸ ਅਤੇ ਪੀਸੀਐੱਸ ਅਧਿਕਾਰੀ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੌਜੂਦਗੀ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਸੀ। ਪਰ ਮੁੱਖ ਮੰਤਰੀ ਨੇ ਸਾਰਿਆਂ ਨੂੰ ਵੱਡੇ ਹਾਲ ਵਿੱਚ ਬਿਠਾ ਕੇ ਰਟਿਆ ਰਟਾਇਆ ਭਾਸ਼ਣ ਦਿੱਤਾ ਤੇ ਤੁਰਦੇ ਬਣੇ। ਨਾ ਨਸ਼ਾ ਵਿਰੋਧੀ ਕਾਰਕੁੰਨਾਂ ਦੇ ਕਤਲਾਂ ਬਾਰੇ ਅਤੇ ਨਾ ਹੀ ਨਸ਼ੇ ਖਿਲਾਫ਼ ਲੜਾਈ ਬਾਰੇ ਕੋਈ ਵੱਡਾ ਐਲਾਨ ਕੀਤਾ। ਜਿਵੇਂ ਕਿ ਤਾਜ਼ਾ ਹਾਲਾਤ ਦਰਮਿਆਨ ਕਰਨਾ ਚਾਹੀਦਾ ਸੀ।
ਮੁੱਖ ਮੰਤਰੀ ’ਤੇ ਤੰਜ਼ ਕੱਸਦਿਆਂ ਸਾਂਪਲਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਸੋਈ ਵਿੱਚ ਫੁਲਕੇ ਨੂੰ ਜ਼ਿਆਦਾ ਸੇਕ ਲੱਗਣ ’ਤੇ ਵੀ ਨਰਿੰਦਰ ਮੋਦੀ ਸਰਕਾਰ ਵੱਲ ਉਂਗਲ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਸੁਪਨਿਆਂ ਵਿੱਚ ਵੀ ਅਮਿਤ ਸ਼ਾਹ ਹੀ ਨਜ਼ਰ ਆਉਂਦੇ ਹਨ। ਸਾਂਪਲਾ ਨੇ ਕਿਹਾ ਕਿ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣੀ ਸਾਂਝੀ ਇਨਸਾਫ਼ ਕਮੇਟੀ ਵੀ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ਿਆਂ ਦੀ ਮੰਗ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣ, ਨਹੀਂ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।

